ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਵਾਂ , 1911 ਵਿਚ ਬਾਦਸ਼ਾਹ ਬਣਨ ਤੋਂ ਬਾਅਦ ਅੰਮ੍ਰਿਤਸਰ , ਦਰਬਾਰ ਸਾਹਿਬ ਵੀ 11 ਦਸੰਬਰ 1913 ਈਸਵੀ ਨੂੰ ਆਇਆ ਸੀ । ਅੰਮ੍ਰਿਤਸਰ ਦੇ ਡੀ .ਸੀ ਨੇ ਸਰਬਰਾਹ ਅਰੂੜ ਸਿੰਘ ਦੇ ਜਰੀਏ , ਘੰਟਾ ਘਰ ਕੋਲ ਸਭਾ ਦਾ ਪ੍ਰਬੰਧ ਕੀਤਾ ਸੀ ।ਇਥੇ ਕੁਰਸੀਆਂ ਲੱਗੀਆਂ ਸਨ । ਜਿਥੇ ਬਾਦਸ਼ਾਹ ਤੇ ਹੋਰ ਅਹਿਲਕਾਰਾਂ ਨੇ ਬੈਠਣਾ ਸੀ , ਅਰੂੜ ਸਿੰਘ ਨੇ ਉਥੇ ਉਹ ਚਾਨਣੀ ਲਾਈ ਜੋ ਨਵਾਬ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਲਈ ਭੇਜੀ ਸੀ(ਜਿਸ ਵਿਚ ਹੀਰੇ ਰਤਨ ਲੱਗੇ ਹੋਏ ਸਨ ਤੇ ਉਸ ਸਮੇਂ ਇਸਦੀ ਕੀਮਤ ਇਕ ਲੱਖ ਰੁਪਏ ਸੀ ) ਅਤੇ ਉਹਨਾਂ ਨੇ ਇਹ ਦਰਬਾਰ ਸਾਹਿਬ ਭੇਟ ਕੀਤੀ ਸੀ । ਇਸ ਚਾਨਣੀ ਨਾਲ ਸਬੰਧਤ ਵੀ ਦਿਲਚਸਪ ਗਾਥਾ ਹੈ ।

 ਮਹਾਰਾਜਾ ਰਣਜੀਤ ਸਿੰਘ ਹੁਣਾ ਨੇ ਕਹਿੰਦੇ ਰਾਮ ਬਾਗ ਅੰਮ੍ਰਿਤਸਰ ਹੀ ਪੜਾਓ ਕੀਤਾ ਹੋਇਆ ਸੀ । ਉਥੇ ਹੀ ਉਹਨਾਂ ਦੇ ਅਹਿਲਕਾਰਾਂ ਨੇ ਮਹਾਰਾਜਾ ਸ੍ਹਾਬ ਦੇ ਦਰਬਾਰ ਲੌਣ ਵਾਲੀ ਥਾਂ ਤੇ ਲੱਗੀਆਂ ਕੁਰਸੀਆਂ ਉਪਰ ਨਵਾਬ ਹੈਦਰਾਬਾਦ ਵੱਲੋਂ ਆਈ ਬੇਸ਼ਕੀਮਤੀ ਚਾਨਣੀ ਪਹਿਲੀ ਵਾਰ ਲਗਾਈ । ਜਦ ਮਹਾਰਾਜਾ ਸ੍ਹਾਬ ਨੇ ਇਹ ਚੰਦੋਆ ਵੇਖਿਆ ਤਾਂ ਇਸ ਦੀ ਖ਼ੂਬਸੂਰਤੀ ਨੇ ਮੰਤਰ ਮੁਗਧ ਕਰ ਦਿੱਤਾ ਤੇ ਓਸੇ ਵਕਤ ਉਹਨਾਂ ਕਿਹਾ ਕਿ ਐਨਾ ਸੋਹਣਾ ਚੰਦੋਆ ਮੇਰੇ ਦਰਬਾਰ ਨਹੀਂ , ਗੁਰੂ ਮਹਾਰਾਜ ਦੇ ਦਰਬਾਰ ਸੋਭਦਾ ਹੈ , ਮੈਂ ਇਸ ਥੱਲੇ ਬੈਠਣ ਦਾ ਅਧਿਕਾਰੀ ਨਹੀਂ ।ਉਹਨਾਂ ਇਹ ਚੰਦੋਆ ਉਤਰਵਾਇਆ ਤੇ ਖ਼ੁਦ ਦਰਬਾਰ ਸਾਹਿਬ ਲੈ ਕੇ ਆਏ। ਪੁਜਾਰੀਆਂ ਨੇ ਜਦ ਸਾਰਾ ਕਿੱਸਾ ਸੁਣਿਆ ਤਾਂ ਉਹਨਾਂ ਕਿਹਾ ਕਿ ਕਿਸੇ ਬੰਦੇ ਤੇ ਲੱਗੇ ਚੰਦੋਏ ਨੂੰ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਨਹੀਂ ਲਗਾਇਆ ਜਾ ਸਕਦਾ ।ਮਹਾਰਾਜਾ ਸਾਹਿਬ ਨੇ ਕਿਹਾ ਕਿ ਮੇਰੇ ਤੋਂ ਭੁੱਲ ਹੋ ਗਈ ਜੋ ਪਹਿਲਾਂ ਇਸਨੂੰ ਧਿਆਨ ਨਾਲ ਨ ਦੇਖਿਆ , ਮੈਂ ਇਹ ਵਾਪਸ ਨਹੀਂ ਲਜਾਣੀ , ਇਹ ਗੁਰੂ ਪਾਤਸ਼ਾਹ ਦੇ ਦਰ ਤੇ ਫਬਦੀ ਹੈ । ਅਖੀਰ ਮਹਾਰਾਜਾ ਸਾਹਿਬ ਨੂੰ ਕਿਹਾ ਗਿਆ ਕਿ ਇਹ ਚੰਦੋਆ ਤੋਸ਼ੇਖਾਨੇ ਉਪਰ ਲਗ ਸਕਦਾ ਹੈ , ਪਰ ਤੁਹਾਨੂੰ ਪਹਿਲਾਂ ਤਨਖਾਹ ਲੱਗੇਗੀ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਅਧੀਨਗੀ ਨਾਲ ਕਿਹਾ , ਜੋ ਗੁਰੂ ਵਾਲੇ ਹੁਕਮ ਕਰਨ ਸਿਰ ਮੱਥੇ । ਫਿਰ ਦੋ ਪਿੰਡ ਦਰਬਾਰ ਸਾਹਿਬ ਨਾਮ ਲਾਉਣ ਦੀ ਤਨਖਾਹ ਲੱਗੀ ਤੇ ਮਹਾਰਾਜੇ ਨੇ ਭਨੌੜੀ (ਕਾਂਗੜਾ) ਅਤੇ ਨਰੈਣ ਪੁਰ (ਗੁਰਦਾਸਪੁਰ ) ਭੇਟ ਕੀਤੇ ।ਜੋ ਮੁਲਕ ਦੀ ਤਕਸੀਮ ਤੱਕ ਵੀ ਚੱਲਦੇ ਰਹੇ (ਹੁਣ ਦਾ ਪਤਾ ਨਹੀ )।

 ਜਦ ਲਾਰਡ ਕਰਜਨ ਹਿੰਦੁਸਤਾਨ ਆਇਆ ਤਾਂ ਕਿਸੇ ਰਿਆਸਤ ਦੇ ਮੁਖੀ ਨੇ ਉਸਨੂੰ ਵੀ ਨਵਾਬ ਹੈਦਰਾਬਾਦ ਦੀ ਚਾਨਣੀ ਵਰਗੀ ਚਾਨਣੀ ਦਿੱਤੀ , ਜਦ ਉਸਨੇ ਵਲੈਤ ਜਾ ਕੇ ਦਿਖਾਈ ਤਾਂ ਇਹ ਅਫ਼ਵਾਹ ਫੈਲ ਗਈ ਕਿ ਉਹ ਦਰਬਾਰ ਸਾਹਿਬ ਦੀ ਚਾਨਣੀ ਹੈ । ਇਸਨੂੰ ਅਫ਼ਵਾਹ ਨੂੰ ਮਸਾਂ ਸ਼ਾਂਤ ਕੀਤਾ ਗਿਆ , ਦਰਬਾਰ ਸਾਹਿਬ ਤੋਸ਼ੇਖਾਨੇ ਉਪਰ ਲੱਗੀ ਚਾਨਣੀ ਦੇ ਦਰਸ਼ਨ ਕਰਵਾ ਕੇ ।

 ਇਹ ਵੀ ਗੱਲ ਪ੍ਰਚਲਿਤ ਹੈ ਜਾਰਜ ਪੰਚਮ ਦੀ ਤਾਜਪੋਸ਼ੀ ਦੀ ਖੁਸ਼ੀ ਵਿਚ ਦਿੱਲੀ ਵਿਚ ਸਜੇ ਵਿਸ਼ੇਸ਼ ਸਮਾਗਮ ਵਿਚ ਵੀ ਇਹ ਚੰਦੋਆ ਭੇਜਿਆ ਗਿਆ ਸੀ । ਉਥੇ ਇਸ ਨਾਲ ਲੱਗੇ ਛੋਟੇ ਵੱਡੇ ਹੀਰੇ ਮੋਤੀ ਜੋ ਸਨ , ਜਿਨ੍ਹਾਂ ਦੀ ਕੀਮਤ 500 ਤੋਂ ਲੈ ਕੇ 30000 ਤੱਕ ਸੀ ; ਵਿਚੋਂ ਕਾਫ਼ੀ ਉਤਾਰ ਕੇ ਨਕਲੀ ਲਗਾ ਦਿੱਤੇ ਗਏ ਸਨ ।ਇਹ ਸੱਚ ਹੈ ਜਾਂ ਨਹੀਂ ਵਾਹਿਗੁਰੂ ਜਾਣੇ।

11 ਦਸੰਬਰ ਨੂੰ ਜਦ ਜਾਰਜ ਪੰਚਮ ਉਪਰ ਇਹ ਚੰਦੋਆ ਲਗਿਆ ਤਾਂ ; ਦਰਬਾਰ ਸਾਹਿਬ ਦੇ ਗ੍ਰੰਥੀਆਂ ਨੇ ਇਸਨੂੰ ਤੋਸ਼ੇਖਾਨੇ ਉਪਰ ਲਾਵਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਇਸ ਨੂੰ ਕੱਠਿਆਂ ਕਰਕੇ ਇਕ ਲੱਕੜ ਦੇ ਬਕਸੇ ਵਿਚ ਰੱਖ ਦਿੱਤਾ ਗਿਆ । ਇਹ ਹੌਲੀ ਹੌਲੀ ਜਰਜਰੀ ਵੀ ਹੋਈ । ਜੂਨ 84 ਦੇ ਘੱਲੂਘਾਰੇ ਵਿਚ ਇਹ ਚੰਦੋਆ ਹਿੰਦ ਸਰਕਾਰ ਦੇ ਵਹਿਸ਼ੀ ਹਮਲੇ ਦਾ ਸ਼ਿਕਾਰ ਹੋ ਗਿਆ ਤੇ ਅਗਜ਼ਨੀ ਵਿਚ ਸੜ ਕੇ ਰਾਖ ਹੋ ਗਿਆ । ਪਰ ਇਸ ਨਾਲ ਜੁੜੇ ਕਿੱਸੇ ਉਸ ਰਾਖ ਵਿਚੋਂ ਪ੍ਰਗਟ ਹੁੰਦੇ ਰਹਿਣਗੇ।

ਬਲਦੀਪ ਸਿੰਘ ਰਾਮੂੰਵਾਲੀਆ

Leave a Reply

Your email address will not be published. Required fields are marked *

News You Missed