ਛੋਟਾ ਘੱਲੂਘਾਰਾ – ਭਾਗ 1ਭਾਈ ਤਾਰੂ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੀ ਸ਼ਹਾਦਤ ਸੰਮਤ 1803 ਮੁਤਾਬਕ ਸਨ 1746 ਈਸਵੀ ਵਿੱਚ ਹੋਈ, ਨਾਲ ਹੀ ਪਾਪੀ ਜ਼ਕਰੀਏ ਦਾ ਅੰਤ ਹੋ ਗਿਆ.. ਪਰ ਜ਼ਕਰੀਆ ਮਰਨ ਤੋਂ ਪਹਿਲਾਂ ਸਿੱਖ ਪੰਥ ਨਾਲ ਇੱਕ ਕੌਲ ਭਾਵ ਵਾਹਦਾ ਕਰ ਗਿਆ ਕਿ ਮੈਂ ਤਾਂ ਕੀ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਸਿੱਖ ਪੰਥ ਨਾਲ ਵਧੀਕੀ ਨਹੀਂ ਕਰਨਗੀਆਂ ਹੁਣ ਸਿੱਖ ਪੰਥ ਜਿੱਥੇ ਮਰਜੀ ਆਜ਼ਾਦੀ ਨਾਲ ਰਹਿ ਸਕਦਾ ਹੈ…!ਜ਼ਕਰੀਏ ਦੀ ਮੌਤ ਹੋ ਗਈ ਪਿੱਛੋਂ ਉਸਦੇ ਦੋ ਪੁੱਤਰ ਯਾਹੀਆ ਖ਼ਾਨ ਤੇ ਸ਼ਾਹਨਵਾਜ ਖਾਨ ਤਖਤ ਤੇ ਬੈਠੇ.. ਜਿਨ੍ਹਾਂ ਵਿਚੋਂ ਯਾਹੀਆ ਖਾਨ ਲਾਹੌਰ ਅਤੇ ਸ਼ਾਹਨਵਾਜ ਖਾਨ ਮੁਲਤਾਨ ਦਾ ਸੂਬੇਦਾਰ ਬਣਿਆ.. ਇਹ ਦੋਵੇਂ ਆਪਣੇ ਬਾਪ ਜ਼ਕਰੀਏ ਤੋਂ ਵੀ ਵੱਧ ਜਾਲਮ ਨਿਕਲੇ ਇਹਨਾਂ ਨੇ ਸੱਤਾ ਹੱਥ ਵਿੱਚ ਆਉਂਦਿਆਂ ਸਾਰ ਪੰਥ ਉਪਰ ਫਿਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ..ਆਪਣੇ ਪਿਓ ਜ਼ਕਰੀਏ ਵੱਲੋਂ ਪੰਥ ਨਾਲ ਕੀਤੇ ਕੌਲ ਨੂੰ ਮੂਲੋਂ ਰੱਦ ਕਰ ਦਿੱਤਾ ਤੇ ਪੰਥ ਤੇ ਅੱਤ ਦੇ ਜ਼ੁਲਮ ਕਰਨ ਲੱਗੇ …ਇਹਨਾਂ ਹੁਕਮ ਕਰ ਦਿੱਤਾ ਕਿ ਕੋਈ ਵੀ ਸਿੱਖ ਪੰਜਾਬ ਵਿੱਚ ਨਜ਼ਰੀਂ ਨਹੀਂ ਆਉਣਾ ਚਾਹੀਦਾ, ਜਿੱਥੇ ਕੋਈ ਸਿੱਖ ਮਿਲੇ ਉਸਨੂੰ ਉਥੇ ਹੀ ਖਤਮ ਕਰ ਦਿੱਤਾ ਜਾਵੇ..!ਇੰਝ ਕੁਝ ਰਾਹਤ ਮਿਲਣ ਪਿੱਛੋਂ ਇੱਕ ਵਾਰ ਫਿਰ ਪੰਥ ਤੇ ਔਖੀ ਘੜੀ ਆ ਗਈ, ਹੁਣ ਸਿੰਘਾਂ ਨੇ ਆਪਣੇ ਨਾਲ ਆਪਣੇ ਪਰਿਵਾਰ ਵੀ ਲੈ ਲਏ ਕਿਓਂਕਿ ਸਿੰਘਾਂ ਨੂੰ ਪਰਿਵਾਰਾਂ ਸਮੇਤ ਖਤਮ ਕਰਨ ਦੇ ਹੁਕਮ ਸਨ…ਪੰਥ ਜਿੱਥੇ ਸਮਾਂ ਮਿਲਦਾ ਉਥੇ ਹੀ ਲੁਕ ਛਿਪ ਕੇ ਦਿਨ ਕੱਟਣ ਲੱਗਾ, ਕਦੇ ਜੰਗਲਾਂ ਵਿੱਚ ਕਦੇ ਬਰੇਤੀਆਂ ਵਿੱਚ ਪੰਥ ਦਿਨ ਕੱਟਦਾ..ਪਿੱਛਿਓਂ ਤੁਰਕਾਂ ਦਾ ਹਮਲਾ ਹੋ ਜਾਂਦਾ ਕੁਝ ਸਿੰਘ ਸ਼ਹੀਦ ਹੋ ਜਾਂਦੇ ਜਿਹੜੇ ਬਚਦੇ ਉਹ ਅੱਗੇ ਨਿਕਲ ਜਾਂਦੇ..ਪੰਥ ਕੋਲ ਆਪਣੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਭਾਲਣ ਜੋਗਾ ਵੀ ਸਮਾਂ ਨਹੀਂ ਸੀ ਹੁੰਦਾ..ਸ਼ਹੀਦ ਹੋਏ ਸਿੰਘ ਸਿੰਘਣੀਆਂ ਬੱਚਿਆਂ ਨੂੰ ਚੱਲਦੇ ਜਲ ਦੇ ਸੁਪੁਰਦ ਕਰਕੇ ਸਿੰਘ ਅੱਗੇ ਲੰਘ ਜਾਂਦੇ..!ਕਦੇ ਕਦੇ ਤਿੰਨਾਂ ਪਾਸਿਆਂ ਤੋਂ ਤੁਰਕਾਂ ਦਾ ਹਮਲਾ ਹੋ ਜਾਂਦਾ ਤੇ ਸਿੰਘ ਜਾਨ ਬਚਾਉਣ ਲਈ ਨਦੀਆਂ ਵਿੱਚ ਛਾਲਾਂ ਮਾਰ ਜਾਂਦੇ ਬਹੁਤ ਜਾਨੀ ਨੁਕਸਾਨ ਹੁੰਦਾ ਜਿਹੜੇ ਬਚਦੇ ਉਹ ਅੱਗੇ ਲੰਘ ਜਾਂਦੇ…!ਇਹ ਸਿਲਸਿਲਾ ਬਹੁਤ ਸਮਾਂ ਚੱਲਦਾ ਰਿਹਾ ਪਰ ਪੰਥ ਫਿਰ ਵੀ ਕਦੇ ਢਹਿੰਦੀ ਕਲਾ ਚ ਨਹੀਂ ਆਇਆ ਸਗੋਂ ਚੜ੍ਹਦੀਕਲਾ ਚ ਰਹਿ ਕੇ ਖਾਲਸਾ ਰਾਜ ਦੇ ਆਉਣ ਦੀ ਉਡੀਕ ਕਰਨ ਲੱਗਾ .. !ਇਧਰ ਯਾਹੀਆ ਖ਼ਾਨ ਤੇ ਸ਼ਾਹਨਵਾਜ ਖ਼ਾਨ ਦੀ ਆਪਸ ਵਿੱਚ ਖੜਕ ਪਈ ਦੋਹਾਂ ਦੀ ਆਪਸੀ ਲੜਾਈ ਵਿੱਚ ਯਾਹੀਆ ਖਾਨ ਮਾਰਿਆ ਗਿਆ ਤੇ ਸ਼ਾਹਨਵਾਜ ਲਾਹੌਰ ਮੁਲਤਾਨ ਦਾ ਸੂਬੇਦਾਰ ਬਣ ਗਿਆ.. ਇਹ ਵੀ ਬਹੁਤ ਵੱਡਾ ਜਾਲਮ ਸੀ ਪੰਥ ਨੂੰ ਦੇਖਕੇ ਰਾਜੀ ਨਹੀਂ ਸੀ..!ਇੱਧਰ ਪੰਥ ਜੰਗਲਾਂ ਬੇਲਿਆਂ ਝੱਲਾਂ ਤੇ ਬਰੇਤੀਆਂ ਵਿੱਚ ਸਮਾਂ ਗੁਜਾਰ ਰਿਹਾ ਸੀ ਉਹ ਸਮਾਂ ਪੰਥ ਵਾਸਤੇ ਬਹੁਤ ਭਿਆਨਕ ਸੀ.. ਪਰ ਫਿਰ ਵੀ ਪੰਥ ਨੇ ਤੁਰਕਾਂ ਦੀ ਕਦੇ ਈਨ ਨਹੀਂ ਸੀ ਮੰਨੀ ਸਗੋਂ ਜਦੋਂ ਵਾਹ ਲਗਦੀ ਜਦੋਂ ਵੀ ਦਾਅ ਲਗਦਾ ਪੰਥ ਖਾਲਸਾ ਤੁਰਕਾਂ ਤੇ ਹਮਲਾ ਕਰਕੇ ਆਪਣੇ ਉਪਰ ਹੋਈ ਵਧੀਕੀ ਦਾ ਬਦਲਾ ਲੈ ਲੈਂਦਾ…. ਸੋ ਇਸ ਤਰ੍ਹਾਂ ਪੰਥ ਖਾਲਸਾ ਘਰ ਵਿੱਚ ਬੇਘਰਾ ਹੋਇਆ ਇਧਰ ਉਧਰ ਭਟਕਦਾ ਹੋਇਆ ਐਮਨਾ ਬਾਦ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਸੁਭਾਇਮਾਨ ਹੈ (ਇਸ ਵੇਲੇ ਪਾਕਿਸਤਾਨ ਵਿੱਚ ਹੈ) ਉਥੇ ਪਹੁੰਚ ਗਿਆ…!ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਨੇੜੇ ਜਾਣਕੇ ਅਤੇ ਉਹ ਇਲਾਕਾ ਇੱਕ ਹਿੰਦੂ ਖੱਤਰੀ ਦੇ ਅਧੀਨ ਜਾਣਕੇ ਪੰਥ ਨੇ ਸੋਚਿਆ ਕਿ ਇਸ ਸਥਾਨ ਤੇ ਤਿੰਨ ਕੁ ਦਿਨ ਠਹਿਰਦੇ ਹਾਂ ਨਾਲੇ ਅਖੰਡ ਪਾਠ ਸਾਹਿਬ ਹੋ ਜਾਣਗੇ ਨਾਲੇ ਲੰਗਰ ਚੱਲੇਗਾ ਨਾਲੇ ਕਈ ਦਿਨਾਂ ਦੇ ਥੱਕੇ ਹਾਰੇ ਹਾਂ ਕੁਝ ਅਰਾਮ ਕਰ ਲਵਾਂਗੇ…!ਇਹ ਸੋਚ ਕੇ ਪੰਥ ਨੇ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਨੇੜੇ ਉਤਾਰਾ ਕਰ ਲਿਆ .. ਤੇ ਉਥੋਂ ਦੇ ਹਿੰਦੂ ਹਾਕਮ ਜੋ ਲਾਹੌਰ ਦਰਬਾਰ ਵਿੱਚ ਲੱਗੇ ਦੀਵਾਨ ਲੱਖਪਤ ਰਾਏ ਖੱਤਰੀ ਦਾ ਭਰਾ ਸੀ ਜਿਸਦਾ ਨਾਮ ਜਸਪਤ ਰਾਏ ਸੀ ਜਿਸਨੂੰ ਸਿੰਘ ਜੱਸੂ ਕਹਿੰਦੇ ਸਨ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਜੋ ਇਸ ਤਰ੍ਹਾਂ ਸੀ – ਸ੍ਰੀ ਜਸਪਤ ਰਾਏ ਜੀਸਿੱਖ ਪੰਥ ਨੇ ਤੇਰੇ ਇਲਾਕੇ ਭਾਵ ਐਮਨਾ ਬਾਦ ਗੁਰਦੁਆਰਾ ਰੋੜੀ ਸਾਹਿਬ ਵਿੱਚ ਤੈਨੂੰ ਆਪਣਾ ਭਰਾ ਜਾਣਕੇ ਉਤਾਰਾ ਕੀਤਾ ਹੈ ਪੰਥ ਨੇ ਇੱਥੇ ਤਿੰਨ ਦਿਨ ਰੁਕਣਾ ਹੈ ਪੰਥ ਵਿੱਚ ਬੀਬੀਆਂ ਬੱਚੇ ਬੁਜ਼ੁਰਗ ਵੀ ਹਨ ਸਿੰਘਾਂ ਸਮੇਤ ਸਾਰੇ ਕਈ ਦਿਨਾਂ ਦੇ ਭੁੱਖੇ ਹਨ ਕੁਝ ਵੀ ਛਕਣ ਨੂੰ ਨਹੀਂ ਮਿਲਿਆ.. ਤੂੰ ਸਾਡਾ ਹਿੰਦੂ ਭਰਾ ਹੈਂ ਇਸ ਕਰਕੇ ਪੰਥ ਨੇ ਤੈਨੂੰ ਯਾਦ ਕੀਤਾ ਹੈ ਸੋ ਸਾਨੂੰ ਕੁਝ ਰਸਤਾਂ ਬਸਤਾਂ ਭੇਜ ਤਾਂ ਜੋ ਅਸੀਂ ਇਥੇ ਤਿੰਨ ਦਿਨ ਠਹਿਰਕੇ ਲੰਗਰ ਚਲਾ ਸਕੀਏ…!ਜਸਪਤ ਨੇ ਜਦ ਪੰਥ ਦੀ ਚਿੱਠੀ ਪੜ੍ਹੀ ਪੜ੍ਹਦੇ ਸਾਰ ਉਸਨੂੰ ਸੱਤੀਂ ਕੱਪੜੀਂ ਅੱਗ ਲੱਗ ਉੱਠੀ… ਪੰਥ ਨੂੰ ਬੋਲ ਕੁਬੋਲ ਬੋਲਦਾ ਹੋਇਆ ਐਮਨਾ ਬਾਦ ਨੂੰ ਫੌਜ ਲੈਕੇ ਚੱਲ ਪਿਆ ਨਾਲ ਕਹਿਣ ਲੱਗਾ ਤੁਸੀਂ ਮੇਰੇ ਕੋਲੋਂ ਰਸਤਾਂ ਬਸਤਾਂ ਭਾਲਦੇ ਹੋ ..? ਮੈਂ ਤੇ ਤੁਹਾਨੂੰ ਲੱਭਦਾ ਫਿਰਦਾਂ ਹੁਣ ਤੁਸੀਂ ਮੇਰੇ ਅੜਿੱਕੇ ਚੜ੍ਹੇ ਹੋ ਹੁਣ ਤੁਹਾਨੂੰ ਫੜਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰਾਂਗਾ ਤੇ ਜਿਵੇਂ ਮੇਰੇ ਭਰਾ ਨੇ ਤੁਹਾਡੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਸੀ ਉਵੇਂ ਹੀ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਿਆਂਗਾ (ਯਾਦ ਰਹੇ ਭਾਈ ਮਨੀ ਸਿੰਘ ਜੀ ਨੂੰ ਇਸੇ ਪਾਪੀ ਜਸਪਤ ਰਾਏ ਦੇ ਭਰਾ ਲੱਖਪਤ ਰਾਏ ਨੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਿਰਫ਼ਤਾਰ ਕੀਤਾ ਸੀ)

Leave a Reply

Your email address will not be published.