ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਪੁਸਤਕ ‘ਤਹਿਕੀਕਾਤਿ ਚਿਸ਼ਤੀ’ ਵਿਚ ਲਿਖਿਆ ਹੈ ਕਿ ਸੁਥਰਾ ਚੰਦ ਮੂਲ ਮਦਵਾਰਾ ਜਾਤ ਦਾ ਖਤਰੀ ਸੀ ! ਉਸ ਦੇ ਨਾਨਕੇ ਨੰਦ ਖਤਰੀ ਸਨ । ਉਸ ਦੀ ਜਨਮ ਭੂਮੀ ਪਿੰਡ ਬਹਿਰਾਮਪੁਰ ਬਾਰਾਮੂਲੇ ਸ੍ਰੀਨਗਰ ਲਾਗੇ ਸੀ । ਇਸ ਦੇ ਜਨਮ ਨੂੰ ਕੁਸ਼ਗਨਾ ਜਾਣ ਕੇ ਮਾਪੇ ਬਾਹਰ ਸੁੱਟ ਗਏ, ਕਿਉਂਕਿ ਜੰਮਦਿਆਂ ਹੀ ਦੰਦੀਆਂ ਇਸਦੇ ਮੂੰਹ ਵਿਚ ਸਨ । ਕਸ਼ਮੀਰ ਤੋਂ ਵਾਪਸ ਮੁੜਦੇ ਰਾਹ ਵਿਚ ਰੋਣ ਦੀ ਆਵਾਜ਼ ਜਦ ਗੁਰੂ ਹਰਿਗੋਬਿੰਦ ਜੀ ਦੇ ਕੰਨੀਂ ਪਈ, ਤਾਂ ਉਨ੍ਹਾਂ ਕਿਹਾ – ਕੇਹਾ ਸੁਥਰਾ ਬਾਲ ਪਿਆ ਹੈ, ਚੁੱਕ ਕੇ ਸੰਭਾਲੋ ਤੇ ਪਾਲਣ ਦਾ ਪ੍ਰਬੰਧ ਕਰੋ । ਮਹਾਰਾਜ ਨੇ ਮੁੱਖੋਂ ਸੁੱਥਰਾ ਸ਼ਬਦ ਉਚਾਰਿਆ ਤੇ ਨਾਮ ਹੀ ਸੁਥਰਾ ਪੈ ਗਿਆ ।

ਪੰਜ ਸਾਲਾਂ ਦਾ ਹੋਇਆ, ਤਾਂ ਮਾਪੇ ਪਛਤਾਵਾ ਕਰ ਬੱਚੇ ਨੂੰ ਨਾਲ ਘਰ ਲੈ ਗਏ । ਮਾਪੇ ਗੁਜ਼ਰਨ ਉਪਰੰਤ ਸਭ ਘਰ ਦਾ ਧਨ ਮਾਲ ਧਰਮ ਅਰਥ ਕਰਕੇ ਸੁਥਰਾ ਗੁਰੂ ਦੇ ਚਰਨਾਂ ਵਿਚ ਫਿਰ ਆ ਗਿਆ । ਮਹਾਰਾਜ ਨੇ ਆਉਂਦਿਆਂ ਹੀ ਕਿਹਾ : ਆਓ ਸੁਥਰੇ ਸ਼ਾਹ ਜੀ । ਲੋਕੀਂ ਸੁਥਰੇ ਸ਼ਾਹ ਕਹਿਣ ਲੱਗ ਪਏ । ਸੁਭਾਅ ਦਾ ਬੜਾ ਹੱਸਮੁਖ ਸੀ । ਗੁਰੂ ਸੇਵਾ ਦਾ ਸਦਕਾ ਬਚਨਾਂ ਵਿਚ ਸਤਿਆ ਵੀ ਆ ਗਈ । ਜੋ ਬੋਲੇ ਪੂਰਾ ਹੋਵੇ । ਬੜੇ ਕੌਤਕੀ ਢੰਗ ਨਾਲ ਪ੍ਰਚਾਰ ਕਰਦੇ ਸਨ । ਇਕ ਸਮੇਂ ਗੁਰੂ ਦਰਬਾਰ ਵਿਚ ਭੀੜ ਲੱਗੀ ਹੋਈ ਸੀ । ਕੋਈ ਅੱਗੇ ਨਾ ਆਉਣ ਦੇਵੇ । ਇਸਨੇ ਇਕ ਠੀਕਰੀਆਂ ਦੀ ਭਰੀ ਬੋਰੀ ਲਈ ਤੇ ਅੱਗੇ ਹੋ ਕੇ ਕਹਿਣ ਲੱਗਾ , “ ਰਾਹ ਦਿਓ, ਭੇਟਾ ਗੁਰਾਂ ਦੇ ਚਰਨਾਂ ਤੇ ਧਰਨੀ ਹੈ । ਜਦ ਗੁਰੂ ਹਜ਼ੂਰ ਆਇਆ, ਤਾਂ ਬੋਰੀ ਨੂੰ ਹੀ ਮੱਥਾ ਟੇਕੀ ਜਾਵੇ । ਮਹਾਰਾਜ ਨੇ ਪੁੱਛਿਆ , ਇਹ ਸੁਥਰੇ ਸ਼ਾਹ ਕੀ ਹੈ ? ਤਾਂ ਕਹਿਣ ਲੱਗਾ , ਮਹਾਰਾਜ ! ਇਸੇ ਸਦਕਾ ਤਾਂ ਤੁਹਾਡੇ ਦਰਸ਼ਨ ਹੋਏ ਹਨ । ਨਹੀਂ ਤੇ ਤੁਹਾਡੇ ਚਰਨਾਂ ਤੱਕ ਕੌਣ ਪੁੱਜਣ ਦਿੰਦਾ । ਉਸ ਵੇਲੇ ਹੁਕਮ ਹੋਇਆ ਕਿ ਕਾਰ ਭੇਟਾ ਤੇ ਰਸਦ ਸਿੱਧੀ ਲੰਗਰ ਪਾਈ ਜਾਵੇ । ਦਰਸ਼ਨਾਂ ਲਈ ਕਿਸੇ ਨੂੰ ਨਾ ਰੋਕਿਆ ਜਾਵੇ ।

ਇਕ ਵਾਰੀ ਜਦ ਗੁਰੂ ਜੀ ਬਚਨ ਕਰ ਰਹੇ ਸਨ, ਤਾਂ ਸੁਥਰਾ ਪਿੱਠ ਕਰਕੇ ਬੈਠ ਗਿਆ । ਸੰਗਤਾਂ ਬੁਰਾ ਮਨਾਇਆ ਤੇ ਗੁਰੂ ਜੀ ਨੇ ਇਸ ਦਾ ਕਾਰਨ ਪੁੱਛਿਆ, ਤਾਂ ਸੁਥਰੇ ਨੇ ਕਿਹਾ , ਮਹਾਰਾਜ ਆਪ ਜੀ ਦੇ ਬਚਨ ਪਹਿਲਾਂ ਤਾਂ ਮੈਂ ਸਨਮੁਖ ਹੋ ਚਿਹਰੇ ‘ਤੇ ਝਲਦਾ ਰਿਹਾ, ਪਰ ਮੇਰੀ ਤਾਂ ਹੋਰ ਸੱਤਾ ਨਹੀਂ ਰਹੀ। ਇਸ ਲਈ ਪਿੱਠ ਕੀਤੀ ਕਿ ਉੱਥੇ ਬਚਨਾਂ ਦੀ ਮਾਰ ਪਵੇ । ਪਤਾ ਨਹੀਂ ਬਚਨਾਂ ਦੇ ਤੀਰ ਸੰਗਤ ਕਿਵੇਂ ਸਹਾਰ ਲੈਂਦੀ ਹੈ ।

ਸੁਥਰੇ ਨੇ ਸਾਧੂ ਸੀਤਲ ਦਾਸ ਨੂੰ ਉਂਗਲਾਂ ਦਿਖਾ ਹੀ ਦਰਸਾ ਦਿੱਤਾ ਕਿ ਉਹ ਕੇਵਲ ਨਾਂ ਦਾ ਹੀ ਸੀਤਲ ਸੀ , ਅੰਦਰੋਂ ਸੁਲਗ ਰਿਹਾ ਹੈ । ਔਰੰਗਜ਼ੇਬ ਵੇਲੇ ਤਾਂ ਜੁਰਅੱਤ ਦੀ ਹੱਦ ਕਰਦਿਆਂ ਦਿੱਲੀ ਜਾ ਕੇ ਕਈ ਵਾਰੀ ਮੌਲਾਣਿਆਂ, ਕਾਜ਼ੀਆਂ ਤੇ ਔਰੰਗਜ਼ੇਬ ਨੂੰ ਝੂਠਾ ਕਹਿ ਦਿੱਤਾ । ਔਰੰਗਜ਼ੇਬ ਸਾਹਮਣੇ ਜਾ ਕੇ ਵੀ ਕਹਿ ਦਿੱਤਾ ਕਿ ‘ਦਿਲ ਨਾ ਢਾਹ, ਇਹ ਹੀ ਰੱਬ ਦੀ ਮਸਤੀ ਹੈ ।’ ਗੁਰੂ ਦੇ ਹੁਕਮ ਅਨੁਸਾਰ ਸੁਥਰੇ ਨੇ ਪੰਜਾਬ ਦੀਆਂ ਪਰਬਤੀ ਰਿਆਸਤਾਂ ਕਸ਼ਮੀਰ ਤੇ ਬਲਖ਼ ਬੁਖ਼ਾਰਾ ਤੱਕ ਸਿੱਖੀ ਦਾ ਝੰਡਾ ਲਹਿਰਾਇਆ ।

ਦਬਿਸਤਾਨਿ – ਮਜ਼ਾਹਬ ਨੇ ਵੀ ਲਿਖਿਆ ਹੈ ਕਿ ਸੁਥਰਾ ਤੇ ਦੋ ਸਿਫਾ ਨੇ, ਬੜੇ ਨਿਰਾਲੇ ਢੰਗ ਨਾਲ ਸਿੱਖੀ ਦੂਰ – ਦੂਰ ਤੱਕ ਫੈਲਾਈ । ਸੁਥਰੇ ਸ਼ਾਹ ਦੀ ਬਖ਼ਸ਼ ਦੇ ਚਾਰ ਉੱਘੇ ਸੱਜਣ ਭਾਈ ਜਾਦੋ, ਭਾਈ ਝੂਜਾ ਸ਼ਾਹ, ਭਾਈ ਰਜ਼ਾਲ ਸ਼ਾਹ ਤੋਂ ਅੰਧੇਰ ਸ਼ਾਹ ਹੋਏ ਹਨ । ਸੁੱਥਰੇ ਸ਼ਾਹ ਨੇ ਕਈ ਟੱਪੇ ਰਚੇ, ਜੋ ਬਹੁਤ ਹੀ ਭਾਵਪੂਰਤ ਹਨ ਅਤੇ ਲੋਕਾਂ ਦੇ ਮੂੰਹ ਚੜ੍ਹੇ ਹਨ । ਬੜਾ ਸਿੱਧਾ ਪ੍ਰਚਾਰ ਉਨ੍ਹਾਂ ਦੀ ਕਵਿਤਾ ਵਿਚ ਸੀ । ਜਿਵੇਂ ਸੁਥਰਿਆ ਲੋਕਾਂ ਦੀਆਂ ਕਹਾਣੀਆਂ ,

“ਧਰੈ ਕੰਮ ਨ ਕੋਇ । ਜੋ ਤੇ ਕੰਮ ਸਵਾਰਨਾ , ਸਿਮਰ ਸਵੇਰੇ ਸੋਇ ।”

ਮੀਰੀ ਪੀਰੀ ਦੇ ਮਾਲਕ ਦੀ ਉਪਮਾ ਵਿਚ ਬੜੀ ਸੋਹਣੀ ਪਉੜੀ ਲਿਖੀ ਹੈ।
“ਉਹ ਚਾਕਰ ਵੱਡੀ ਠਉਰ ਦਾ ਕਰਨੀ ਪੈ ਪੂਰਾ ! ਘੋੜਾ ਉਸ ਦਾ ਲਖ ਦਾ ਹਥਿਆਰੀ ਸੂਰਾ , ਘਾਓ ਨ ਖਾਇ ਮਗਰ ਵਿਚ ਸਨਮੁਖ ਮਗਰੂਰਾ , ਖਵਈਆ ਲਾੜੇ ਦੁੱਧ ਦਾ ਕਦੇ ਖਾਇ ਨਾ ਕੂਰਾ , ਸਭੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ ।।”

ਭਾਈ ਸੁਥਰੇ ਸ਼ਾਹ ਲੰਮੀ ਆਯੂ ਭੋਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਕਾਲ ਚਲਾਣਾ ਕਰ ਗਏ । ਇਸ ਬਖ਼ਸ਼ਸ਼ ਦੇ ਹੋਰ ਉੱਘੇ ਸਿੱਖ ਭਾਈ ਝੱਗੜ ਸ਼ਾਹ, ਭਾਈ ਮੁਸ਼ਤਾਕ ਸ਼ਾਹ ( ਲਾਹੌਰੀ ) , ਭਾਈ ਹਰੋ ਸ਼ਾਹ ( ਬਟਾਲਾ ) ਪ੍ਰਸਿੱਧ ਹੋਏ । ਇਨ੍ਹਾਂ ਦੇ ਦੋ ਅਸਥਾਨ ਇਕ ਸ੍ਰੀ ਅੰਮ੍ਰਿਤਸਰ ਚੌਕ ਛੱਤੀ ਖੂਹੀ ਅਤੇ ਦੂਜਾ ਖ਼ਜ਼ਾਨੇ ਦੇ ਕਟੜੇ ਲਾਗੇ ਦੇਖੇ ਜਾ ਸਕਦੇ ਹਨ ਅਤੇ ਕਈ ਨੂਰਮਹਿਲ, ਸਿੰਧ, ਜੌਨਪੁਰ ਤੇ ਅਫ਼ਗਾਨਿਸਤਾਨ ਵੀ ਹਨ ।

ਕੁਝ ਸਾਖੀਆਂ

ਇਕ ਵਾਰ ਗੁਰੂ ਸਾਹਿਬ ਦਾ ਦਰਬਾਰ ਲੱਗਾ ਸੀ, ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਨੂੰ ਚਪੇੜਾਂ ਮਾਰ ਕੇ ਭੱਜ ਗਇਆ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ, ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾ ਮਾਰ ਕੇ ਨੱਠ ਉਠਾ ਹੈ।

ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ। ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ, ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ।

ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ, ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ, ਤਾਂ ਭਾਈ ਸਥਰੇ ਨੇ ਕਿਹਾ ਕਿ ‘ਮਾਰਾਂ ਨਾਂ ਚਪੇੜਾਂ, ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ।’ ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰਨ, ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ। ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ।

ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੂੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ, ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ, ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ, ਕਿਉਂਕਿ ਭਾਈ ਸਾਹਿਬ ਦੀ ਅਵਸਥਾ

“ਇਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ।।”

ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖਕੇ ਤੁਰ ਪਏ। ਪਹਿਰੇਦਾਰਾਂ ਕੋਲ ਜਾਕੇ ਕਿਹਾ ਛੇਤੀ ਪਾਸੇ ਹੋ ਜਾਓ। ਗੁਰੂ ਸਾਹਿਬ ਲਈ ਭੇਟਾ ਲੈਕੇ ਜਾਣੀ ਹੈ, ਪਰ ਪਹਿਰੇਦਾਰਾ ਫਿਰ ਵੀ ਨਾ ਮੰਨਣ ਅਤੇ ਇਹ ਸ਼ਰਤ ਰੱਖ ਦਿਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿਚੋਂ ਬਖਸਿਸ਼ਾਂ ਮਿਲਣਗੀਆਂ, ਉਹਨਾਂ ਵਿਚ ਅੱਧ ਸਾਡਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ।

ਜਦ ਗੁਰੂ ਦਰਬਾਰ ਵਿਚ ਜਾਕੇ ਭਾਈ ਸੁਥਰੇ ਨੇ ਪੰਡ ਰੱਖੀ, ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ। ਉਨ੍ਹਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ, ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ। ਇਹ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ, ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ 100 ਕੌੜੇ ਮਾਰੇ ਜਾਣ, ਜਦ ਗੁਰੂ ਸਾਹਿਬ ਨੇ ਅਜਿਹੀ ਅਜੀਬੋ ਗਰੀਬ ਮੰਗ ਦਾ ਕਾਰਨ ਪੁੱਛਿਆ, ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਨ੍ਹਾਂ ਵਿਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ, ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਅਨੁਮਤੀ ਦਿੱਤੀ ਸੀ। ਇਹ ਸੁਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਤਾੜਨਾ ਕੀਤੀ।

ਇਸ ਤਰ੍ਹਾਂ ਭਾਈ ਸੁਥਰਾ ਜੀ ਗੁਰੂ ਕੇ ਹਜ਼ੂਰ ਰਹਿੰਦਿਆਂ ਬੇਅੰਤ ਤਰੀਕਿਆਂ ਨਾਲ ਭੁੱਲੇ ਭਟਕੇ ਸਿੱਖਾਂ ਨੂੰ ਸਿੱਧੇ ਰਾਹੇ ਪਾਉਂਦੇ ਸਨ।

ਇਕ ਵਾਰ ਦੀ ਗੱਲ ਹੈ ਕਿ ਇਕ ਜੋਗੀ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਇਸ ਜੋਗੀ ਨੇ ਪਿੰਡੇ ਉਤੇ ਸਵਾਹ ਮਲੀ ਹੋਈ ਸੀ। ਸੁਥਰਾ ਗੁਰੂ ਸਾਹਿਬ ਨੂੰ ਚੌਰ ਕਰ ਰਿਹਾ ਸੀ। ਚੌਰ ਕਰਦੇ ਕਰਦੇ ਸੁਥਰੇ ਨੇ ਜੋਗੀ ਨੂੰ ਗੰਦੇ ਗੰਦੇ ਮੂੰਹ ਬਣਾਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਕੁਝ ਚਿਰ ਤਾਂ ਜੋਗੀ ਦੇਖਦਾ ਰਿਹਾ ਤੇ ਬਰਦਾਸ਼ਤ ਕਰਦਾ ਰਿਹਾ, ਪਰ ਇਕ ਤਾਂ ਸੁਥਰਾ ਪਹਿਲਾਂ ਹੀ ਬੜਾ ਕਰੂਪ ਸੀ, ਉਪਰੋਂ ਹੋਰ ਭੈੜੇ ਭੈੜੇ ਮੂੰਹ ਬਣਾ ਕੇ ਦੰਦ ਕੱਢ ਕੱਢ ਉਸ ਜੋਗੀ ਨੂੰ ਚਿੜਾ ਰਿਹਾ ਸੀ। ਜੋਗੀ ਤੋਂ ਰਿਹਾ ਨਾ ਗਿਆ ਅਤੇ ਆਪਣਾ ਚਿਮਟਾ ਚੁੱਕ ਕੇ ਸੁਥਰੇ ਨੂੰ ਮਾਰਨ ਪੈ ਗਿਆ ਕਿ ਖੜ ਤੈਨੂੰ ਮੈਂ ਦੱਸਦਾ। ਇਹ ਦੇਖ ਸੁਥਰਾ ਭੱਜ ਨੱਠਾ।
ਜਦ ਗੁਰੂ ਸਾਹਿਬ ਨੂੰ ਸਾਰੀ ਵਿਥਿਆ ਪਤਾ ਲੱਗੀ, ਤਾਂ ਗੁਰੂ ਸਾਹਿਬ ਨੇ ਸੁਥਰੇ ਨੂੰ ਆਪਣੇ ਕੋਲ ਬੁਲਾਇਆ ਅਤੇ ਕਾਰਨ ਪੁੱਛਿਆ। ਸੁਥਰੇ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਮੈਂ ਦੇਖਦਾ ਸੀ ਕਿ ਇਸ ਨੇ ਸੁਆਹ ਇਕੱਲੀ ਪਿੰਡੇ ਤੇ ਹੀ ਮਲੀ ਹੈ ਜਾਂ ਇਸ ਦਾ ਮਨ ਵੀ ਸੁਆਹ ਹੋਇਆ ਹੈ, ਪਰ ਗੁਰੂ ਸਾਹਿਬ ਇਸ ਦਾ ਮਨ ਤਾਂ ਕ੍ਰੋਧ ਨਾਲ ਬਲ ਰਿਹਾ ਹੈ। ਇਸ ਲਈ ਇਸ ਦਾ ਲਿਬਾਸ ਪਖੰਡ ਦਾ ਹੈ।

ਇਕ ਵਾਰ ਗੁਰੂ ਕੇ ਦਰਬਾਰ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ। ਸੁਥਰਾ ਕੀਰਤਨੀਏ ਸਿੰਘਾਂ ਵੱਲ ਨੂੰ ਪਿੱਠ ਕਰਕੇ ਬੈਠ ਗਿਆ। ਸਿੱਖਾਂ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਸੁਥਰੇ ਨੇ ਕੀਰਤਨ ਦਾ ਅਪਮਾਨ ਕੀਤਾ ਹੈ, ਜੋ ਰਾਗੀਆਂ ਵਲ ਨੂੰ ਪਿੱਠ ਕਰਕੇ ਬੈਠਾ ਹੈ। ਗੁਰੂ ਸਾਹਿਬ ਨੇ ਸੁਥਰੇ ਨੂੰ ਸੱਦ ਕੇ ਕਾਰਨ ਪੁੱਛਿਆ, ਤਾਂ ਸੁਥਰੇ ਨੇ ਕਿਹਾ ਗੁਰੂ ਸਾਹਿਬ ਅੱਜ ਰਾਗੀ ਸਿੰਘਾਂ ਨੇ ਸ਼ਬਦਾਂ ਵਿਚ ਮੇਰੇ ਕੁਚੱਜੇ ਜੀਵਣ ਤੇ ਇੰਨੀਆਂ ਚੋਟਾਂ ਮਾਰੀਆਂ ਕਿ ਮੇਰੇ ਤੋਂ ਸਹੀਆਂ ਨਹੀਂ ਗਈਆਂ। ਇਸ ਲਈ ਮੈਂ ਪਿੱਠ ਕਰਕੇ ਬੈਠ ਗਿਆ ਕਿ ਗੁਰੂ ਸਾਹਿਬ ਤੁਸੀ ਤਾਂ ਬਹੁਤ ਉਚਾ ਜੀਵਨ ਬਖਸ਼ ਰਹੇ ਹੋ ਸਿੱਖ ਨੂੰ, ਪਰ ਅਸੀਂ ਫਿਰ ਵੀ ਅਵਗੁਣਾਂ ਨੂੰ ਹੀ ਪਿਆਰ ਕਰਦੇ ਹਾਂ।

ਇਕ ਵਾਰ ਸੁਥਰਾ ਗੁਰੂ ਕੀਆਂ ਸੰਗਤਾਂ ਨੂੰ ਗਾਲ੍ਹਾਂ ਕੱਡਕੇ ਭੱਜ ਗਿਆ। ਸਾਰੀ ਸੰਗਤ ਵਿਚ ਬਹੁਤ ਰੋਹ ਪੈਦਾ ਹੋਇਆ ਕਿ ਗੁਰੂ ਸਾਹਿਬ ਨੇ ਇਸ ਨੂੰ ਲਾਡਲਾ ਬਣਾ ਰੱਖਿਆ ਹੈ। ਅੱਜ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਹੈ ਜੋ ਗੁਰੂ ਕੀ ਸੰਗਤ ਨੂੰ ਹੀ ਗਾਹਲਾਂ ਕੱਢ ਗਿਆ ਹੈ। ਇਸ ਦੀ ਸ਼ਿਕਾਇਤ ਗੁਰੂ ਸਾਹਿਬ ਕੋਲ ਜ਼ਰੂਰ ਕਰਾਂਗੇ। ਓਧਰ ਸੁਥਰਾ ਗਰਮਾਏ ਮਾਹੌਲ ਨੂੰ ਦੇਖ ਕੇ ਕੁਝ ਦਿਨ ਸੰਗਤ ਵਿਚ ਹੀ ਨਾ ਆਇਆ ਤੇ ਕਿਧਰੇ ਲੁਕ ਕੇ ਬੈਠਾ ਰਿਹਾ। ਜਦ ਕੁਝ ਦਿਨ ਬਾਅਦ ਸਿੱਖਾਂ ਨੇ ਲੱਭ ਕੇ ਗੁਰੂ ਕੇ ਪੇਸ਼ ਕੀਤਾ, ਤਾਂ ਗੁਰੂ ਸਾਹਿਬ ਨੇ ਗਾਹਲਾਂ ਕੱਢਣ ਦਾ ਕਾਰਨ ਪੁੱਛਿਆ। ਤਾਂ ਭਾਈ ਸੁਥਰਾ ਕਹਿਣ ਲੱਗਾ ਗੁਰੂ ਸਾਹਿਬ ਇਹ ਸਭ ਝੂਠ ਬੋਲਦੇ ਹਨ। ਮੈਂ ਕਿਸੇ ਨੂੰ ਕੋਈ ਗਾਹਲ ਨਹੀਂ ਕੱਡੀ।
ਸਾਰੇ ਸਿੱਖ ਭੁਬਕ ਉਠੇ ਕਿ ਦੇਖੋ ਨਾਲੇ ਤਾਂ ਪਹਿਲਾਂ ਗਾਹਲਾਂ ਕੱਢਕੇ ਗਿਆ ਅਤੇ ਹੁਣ ਗੁਰੂ ਸਾਹਿਬ ਅੱਗੇ ਝੂਠ ਵੀ ਬੋਲ ਰਿਹਾ ਹੈ। ਸੁਥਰਾ ਨੇ ਕਿਹਾ ਕਿਹੜੀ ਗਾਹਲ ਕੱਢੀ ਹੈ, ਮੈਂ ਤੁਹਾਨੂੰ ਤਾਂ ਸਾਰੇ ਆਪਣੇ ਆਪ ਨੂੰ ਪਈਆਂ ਗਾਹਲਾਂ ਦੱਸਣ ਲੱਗੇ ਕਿ ਮੈਨੂੰ ਤੂੰ ਸਾਲਾ ਕਿਹਾ ਹੈ, ਮੈਨੂੰ ਹਰਾਮੀ ਕਿਹਾ ਹੈ, ਭਾਵ ਕਿ ਸਾਰਿਆਂ ਨੇ ਦੱਸ ਦਿੱਤੀਆਂ ਤਾਂ ਸੁਥਰੇ ਨੇ ਹੱਥ ਜੋੜ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਨ੍ਹਾਂ ਨੁੰ ਪੁੱਛੋ, ਜਿਸ ਦਿਨ ਮੈਂ ਇਹਨਾਂ ਨੂੰ ਗਾਹਲਾਂ ਕੱਢੀਆਂ ਸਨ, ਉਸ ਦਿਨ ਤੁਸੀਂ ਉਪਦੇਸ਼ ਕਿਹੜਾ ਦਿੱਤਾ ਸੀ? ਇਹ ਸੁਣ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਤਾਂ ਸੁਥਰੇ ਨੇ ਕਿਹਾ ਕਿ ਮੇਰੇ ਮਾੜੇ ਬੋਲ ਤਾਂ ਤੁਹਾਨੂੰ ਸਭ ਨੂੰ ਯਾਦ ਹਨ, ਪਰ ਗੁਰੂ ਸਾਹਿਬ ਦੁਆਰਾ ਕੀਤੇ ਮੁਬਾਰਕ ਬਚਨ ਤੁਹਾਨੂੰ ਕਿਸੇ ਨੂੰ ਵੀ ਯਾਦ ਨਹੀਂ। ਇਸਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੰਚਨ ਦੇ ਨਹੀਂ, ਬਲਕਿ ਕੱਚ ਦੇ ਗਾਹਕ ਹੋ।

ਇਹ ਕਮੀਆਂ ਅੱਜ ਸਾਡੇ ਵਿਚ ਵੀ ਬਹੁਤ ਨੇ, ਸਾਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਜਾਂ ਰਾਗੀ ਸਿੰਘਾਂ ਦੁਆਰਾ ਪੜ੍ਹੇ ਸ਼ਬਦ ਤਾਂ ਯਾਦ ਰਹਿਣ ਭਾਂਵੇ ਨਾ, ਪਰ ਦਾਲ ਵਿਚ ਲੂਣ ਥੋੜਾ ਸੀ, ਇਹ ਜ਼ਰੂਰ ਯਾਦ ਰਹਿ ਜਾਂਦਾ ਹੈ। ਰਾਗੀ ਸਿੰਘਾਂ ਨੇ ਉਂਗਲਾਂ ‘ਚ ਅੰਗੂਠੀ ਪਾਈ ਸੀ। ਗਾਤਰਾ ਉਪਰੋਂ ਦੀ ਨਹੀਂ ਪਾਇਆ। ਭਾਵ ਕਿ ਗੁਰੂਘਰ ਦੇ ਪ੍ਰਬੰਧ ਤੇ ਕਿੰਤੂ ਪ੍ਰੰਤੂ ਕਰਨ ਤੋਂ ਇਲਾਵਾ ਸਾਨੂੰ ਉਥੇ ਹੋ ਰਹੀ ਸ਼ਬਦ ਵਿਚਾਰ ਦਾ ਕੋਈ ਪਤਾ ਨਹੀਂ ਹੁੰਦਾ, ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਗੁਰਦੁਆਰੇ ਵਿਚ ਸਿੱਖ ਬਣਨ ਨਹੀਂ, ਬਲਕਿ ਪ੍ਰਧਾਨਗੀਆਂ ਘੋਟਣ ਜਾਂਦੇ ਹਾਂ ਕਿ ਸਾਰੇ ਕਹਿਣ ਕਿ ਇਹ ਤਾਂ ਬੜਾ ਸੁਚੇਤ ਸਿੱਖ ਹੈ। ਇਸ ਲਈ ਗੁਰੂ ਘਰ ਜਾਣ ਵੇਲੇ ਆਪਣਾ ਸਾਰਾ ਧਿਆਨ ਗੁਰੂ ਕੇ ਉਪਦੇਸ਼ ਵਲ ਦੇਣਾ ਚਾਹੀਏ, ਸਵਾਏ ਲੋਕਾਂ ਦੇ ਪਹਿਰਾਵੇ ਦੇਖਣ ਅਤੇ ਕਿੰਤੂ ਪ੍ਰੰਤੂ ਕਰਨ ਦੇ।

ਸੁਥਰੇ ਸ਼ਾਹ ਪੰਜਾਬੀ ਕਵਿਤਾ

“ਕੁੱਤਾ ਸੋ ਜੋ ਕੁੱਤਾ ਪਾਲੇ।
ਕੁੱਤਾ ਦੁਹਤਾ ਨਾਨੇ ਹਾਲੇ।
ਕੁੱਤਾ ਭੈਣ ਦੇ ਘਰ ਭਾਈ।
ਕੁੱਤਾ ਸਹੁਰੇ ਦੇ ਘਰ ਜਵਾਈ।
ਵੱਡਾ ਕੁੱਤਾ ਸੋਈ ਭਾਲ।
ਸਹੁਰਾ ਫਿਰੇ ਜਵਾਈ ਨਾਲ।
ਲਾਲਚ ਕਰਕੇ ਮਗਰ ਜੋ ਫਿਰਦਾ।
ਅਸਲੀ ਕੁੱਤਾ ਉਹ ਧਿਰ ਧਿਰ ਦਾ।।”

ਨਾਨਕ ਸ਼ਾਹ ਦਾ ਨਾਮ ਹੈ

“ਨਾਨਕ ਸ਼ਾਹ ਦਾ ਨਾਮ ਹੈ ਇਸ ਜੀਵਨ ਦਾ ਤੱਥ।
ਬਿਨ ਹਰਿ ਨਾਮ ਨਾ ਜਾਣਦੇ, ਕੋਈ ਗੱਲ ਨਾ ਕੱਥ।
ਇਹੋ ਮਾਰਗ ਸੱਚ ਦਾ, ਇਹੋ ਸੁੱਚਾ ਪੱਥ।
ਲੋਕੀ ਭਾਵੇਂ ਕਹਿਣ ਪਏ ਸੁਥਰਾ ਨਿਰਾ ਉਲੱਥ।
ਪਰ ਸਾਹਿਬ ਨੇ ਪਾ ਲਈ ਨੱਕ ਅਸਾਡੇ ਨੱਥ।
ਜਿਉਂ ਨਚਾਵੇ ਨੱਚੀਏ ਹੋਰ ਨਾ ਕੋਈ ਸੱਥ।
ਪੁੱਤਰ ਧੀਆਂ ਫਾਹੀਆਂ ਦੇਂਦੇ ਜੀਵਨ ਮੱਥ।
ਅਸੀਂ ਤੇ ਸੁਥਰੇ ਸ਼ਾਹ ਹਾਂ ਬੇ-ਡਰ ਤੇ ਸਿਰਲੱਥ।
ਸ਼ਾਹਾਨ ਸ਼ਾਹ ਨੇ ਬਖਸ਼ਿਆ ਬੇ-ਫਿਕਰੀ ਦਾ ਰੱਥ।
ਜਾਂਦੀ ਵਾਰੀ ਸੁਥਰਿਆ ਰੱਖ ਛਾਤੀ ਤੇ ਹੱਥ।
ਹੱਸ ਖੇਡ ਕੇ ਚੱਲਣਾ ਓਸ ਅਨੋਖੇ ਪੱਥ।
ਨਾਨਕ ਸ਼ਾਹ ਤੋਂ ਸੁਥਰਿਆ ਲਈ ਅਮੋਲਕ ਵੱਥ।।”

ਲੋਕ ਡਰਾਵਣ ਕਾਰਨੇ

ਪ੍ਰਸ਼ਨ-
ਲੋਕ ਡਰਾਵਣ ਕਾਰਨੇ ਕੀ ਤੈਂ ਭੇਖ ਬਣਾਯਾ।
ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਯਾ।
ਜਿਉਂ ਜਿਉਂ ਚੜ੍ਹਨ ਸ਼ਰੀਣੀਆਂ ਤਿਉਂ ਤਿਉਂ ਵਧਦਾ ਜਾ।
ਦੇ ਦੁਆਈਂ ਖੁੱਲੀਆਂ ਅਗਲੀ ਗੱਲ ਨ ਕਾ।

ਉੱਤ੍ਰ-
ਸੁਥਰਿਆ ਜੇ ਬਾਬੇ ਨੂੰ ਅਕਲ ਹੋਵੇ ਤਾਂ ਪੂਜਾ ਓਹ ਕਿਉਂ ਖਾਇ।
ਬਾਬਾ ਬਪੜਾ ਕੀ ਕਰੇ ਜਿ ਦਿੱਤੋਸੁ ਰਿਜਕ ਖਿੰਡਾਇ।
ਜਿਉਂ ਦੇਵੇ ਤਿਉਂ ਖਾਵਣਾ ਡਾਢੇ ਦੀ ਸੱਤ ਰਜ਼ਾਇ।

ਧੀਆਂ ਧਾੜ ਤੇ ਪੁੱਤਰ ਫਾਹ

ਧੀਆਂ ਧਾੜ ਤੇ ਪੁੱਤਰ ਫਾਹ ਰੰਨ ਦੁੱਖਾਂ ਦਾ ਖੂਹ।
ਇਸ ਘਾਣੀ ਚੋਂ ਸੁਥਰਿਆ ਕੋਈ ਹਰਿ ਜਨੁ ਕਢੇ ਧੂਹ।

ਘਰ ਦੀ ਧਾੜ ਵਧਾਈਓ ਨਾਉਂ ਰਖਾਇਓ ਜੰਞ।
ਜਿਉਂ-ਜਿਉਂ ਝੁਗਾ ਉਜੜੇ ਤਿਉਂ-ਤਿਉਂ ਕਹੀਏ ਧੰਨ।
ਆਈ ਰੰਨ ਤੇ ਹੋਏ ਕੰਨ, ਲੋਕਾਂ ਆਖਿਆ ਅੱਡਿਆ ਘਰ।
ਹੋਇਆ ਵੰਨੀ ਸੰਦਾ ਵਰ।

ਆਰ ਗੰਗਾ ਪਾਰ ਗੰਗਾ ਵਿੱਚ ਮੈਂ ਤੇ ਤੂੰ
ਲਹਿਣਾ ਲੈਣਾ ਸੁਥਰਿਆ ਨਾਸੀਂ ਦੇ ਕੇ ਧੂੰ

ਓਥੇ ਤ੍ਰੀਮਤ ਰਹੀ ਖੜੋਤੀਆ

ਓਥੇ ਤ੍ਰੀਮਤ ਰਹੀ ਖੜੋਤੀਆ, ਪੁੱਤਰ ਤੇ ਭਾਈ।
ਹਸਤੀ, ਘੋੜੇ, ਮਾਲ, ਧੰਨ, ਕੁਛ ਨਾਲ ਨਾ ਜਾਈ।
ਤਦਹੂੰ ਸਿਮਰਿਆ ਦੇਵੀ ਦੇਵਤਾ, ਕੌਣ ਹੋਇ ਸਹਾਈ।
ਜਿਸ ਪਹਿਲਾਂ ਮੂਲ ਨਾ ਚੇਤਿਓ ਹੁਣ ਬਣੇ ਨਾ ਕਾਈ।
ਉਂਹ ਦੇਖੋ ਜੀ ! ਮਨਮੁੱਖ ਮਾਰੀਅਨ, ਬਹੁ ਲਏ ਸਜਾਈ।

ਢੋਲ ਵਜੇ ਘਰ ਲੁੱਟਿਓ

ਢੋਲ ਵਜੇ ਘਰ ਲੁੱਟਿਓ ਲੋਕੀ ਕੈਹਣ ਵਿਆਹੁ।
ਸਾਹਿਬ ਅਰਥ ਨਾ ਬੀਜਿਓ ਹੋਇਓ ਮੁਖ ਸਿਆਹੁ।
ਜਿਤ ਦਿਨ ਲੇਖਾ ਮੰਗੀਐ ਗਲਿ ਪਲੂ ਮੂੰਹ ਘਾਹੁ।
ਸੁਥਰਿਆ ਰਾਹੋਂ ਘੁਥਿਆਂ ਤਿੰਨਾਂ ਨੂੰ ਵੱਡਾ ਦਾਹੁ।

ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ

ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ।
ਦੇ ਦੇ ਰੋਸੀ ਉਚੀਆਂ ਡੀਕਾਂ।
ਇਹ ਕੁਟੰਬ ਦੁਖਾਂ ਦਾ ਘਰ, ਨਿਕਲ ਭੱਜ ਨਾ ਫਾਥਾ ਮਰ।
ਸਾਧਾਂ ਵਾਲਾ ਹੋਕਾ ਸੁਨ, ਜਾਨ ਨਾਲ ਏ ਦੇਹੀ ਨੂੰ ਘੁਨ।

ਮੁਕਟ ਬੰਨ੍ਹਾਏ ਸੰਧੂਰਿਓਂ ਹੋਇ ਬੈਠਾ ਰਾਉ,
ਨਸ ਦੇਹ ਦੇ ਮਾਰਿਆਂ ਜੇਕਰ ਲਗੀ ਦਾਉ।
ਏ ਵਧਾਈ ਗ੍ਰਿਹਸਤ ਦੀ ਜਿਨ੍ਹਾਂ ਖੁਸ਼ ਹੋਈ ਝਾਲੀ।
ਭੌਂਕ ਮੋਏ ਓਹ ਸੁਥਰਿਆ ਜਿਉਂ ਕੁੱਤਾ ਵਿਚ ਡਾਲੀ।

ਦਾਸ ਜੋਰਾਵਰ ਸਿੰਘ ਤਰਸਿੱਕਾ।

Leave a Reply

Your email address will not be published. Required fields are marked *