ਦੁਨੀਆਂ ਦਾ ਸਭ ਤੋਂ ਮਹਿੰਗਾ ਘੋੜਾ ਲੈਲੀ
ਮੋਰਾਂ ਦਾ ਮਹਾਰਾਜਾ ਪੁਸਤਕ ਵਿੱਚੋਂ :-
ਬਜ਼ੁਰਗ ਕਾਸਦ ਸੁਨੇਹਾ ਸੁਣਾਉਣ ਲੱਗਦਾ ਹੈ, “ਮਹਾਰਾਜ, ਸਾਡੇ ਸਰਦਾਰ ਸਯੀਅਦ ਸਮਸਦ ਬੇਗ ਨੇ ਬੇਨਤੀ ਕੀਤੀ ਹੈ ਕਿ ਅਫ਼ਰੀਦੀ ਕਬੀਲੇ ਨੇ ਕਦੇ ਵੀ ਲਾਹੌਰ ਸਰਕਾਰ ਦੀ ਸ਼ਾਨ ਵਿੱਚ ਕੋਈ ਗੁਸਤਾਖੀ ਨਹੀਂ ਕੀਤੀ। ਚੁਨਾਚਿ ਫਿਰ ਵੀ ਲਾਹੌਰ ਸਰਕਾਰ ਨੇ ਸਾਡਾ ਬਿਨਾਂ ਵਜ੍ਹਾ ਜਾਨੀ ਅਤੇ ਮਾਲ਼ੀ ਨੁਕਸਾਨ ਕਰਕੇ ਸਾਡੇ ਉੱਤੇ ਕਹਿਰ ਢਾਇਆ ਹੈ। ਇਹ ਸਰਾਸਰ ਜ਼ੁਲਮ ਹੈ, ਤੁਸੀਂ ਤਾਂ ਆਪਣੇ ਆਪ ਨੂੰ ਬਹੁਤ ਹੀ ਦਿਆਲੂ ਅਤੇ ਕਿਰਪਾਲੂ ਕਹਾਉਂਦੇ ਹੋ। ਤੁਹਾਡਾ ਦੀਨ ਪਤਾ ਨਹੀਂ ਕੀ ਕਹਿੰਦਾ ਹੈ, ਲੇਕਿਨ ਇਸਲਾਮ ਇਸ ਨੂੰ ਗੁਨਾਹ-ਏ-ਅਜ਼ੀਮ ਐਲਾਨਦਾ ਹੈ। ਇਸ ਹਮਲੇ ਵਿੱਚ ਸਾਡੇ ਬਹੁਤ ਸਾਰੇ ਬੰਦਿਆਂ ਨਾਲ ਸਰਦਾਰ ਦਾ ਇਕਲੌਤਾ ਪੁੱਤਰ ਸੁਲਤਾਨ ਯਾਕੂਬ ਵੀ ਸ਼ਹੀਦ ਹੋ ਗਿਆ ਹੈ। ਪੁੱਤਰ ਨੂੰ ਹੱਥੀਂ ਸਪੁਰਦ-ਏ-ਖਾਕ ਕਰਕੇ ਸਰਦਾਰ ਨੇ ਇਸ ਨੂੰ ਅੱਲ੍ਹਾ-ਤਾਲਾ ਦੀ ਮਰਜ਼ੀ ਸਮਝ ਕੇ ਸਬਰ-ਸੰਤੋਖ ਕਰ ਲਿਆ ਹੈ। ਉਸ ਨੂੰ ਹੁਣ ਨਾ ਅਸੀਂ ਵਾਪਸ ਲੈ ਸਕਦੇ ਹਾਂ ਤੇ ਨਾ ਤੁਸੀਂ ਮੋੜ ਸਕਦੇ ਹੋ। ਲੇਕਿਨ ਅਰਜ਼ ਹੈ ਕਿ ਜੇ ਲਾਹੌਰ ਸਰਕਾਰ ਹਮਲੇ ਦੌਰਾਨ ਲੁੱਟੀ ਘੋੜੀ ‘ਸਫੈਦ ਪਰੀ’ ਸਾਨੂੰ ਵਾਪਸ ਕਰ ਦੇਵੇ, ਤਾਂ ਅਸੀਂ ਉਸ ਦੇ ਭਾਰ ਬਰਾਬਰ ਸੋਨਾ ਤੋਲ ਕੇ ਦੇਣ ਲਈ ਤਿਆਰ ਹਾਂ।”
“ਅਜਿਹੀ ਕੀ ਖ਼ਾਸੀਅਤ ਹੈ, ਉਸ ਘੋੜੀ ਵਿੱਚ?” ਰਣਜੀਤ ਸਿੰਘ ਕੰਨ ਖੜ੍ਹੇ ਕਰ ਲੈਂਦਾ ਹੈ।
“ਮਹਾਰਾਜ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਘੋੜੀ ਦੀ ਨਸਲ ਵਿੱਚੋਂ ਹੈ। ਸਰਦਾਰ ਦੇ ਖਾਨਦਾਨ ਕੋਲ ਪੁਸ਼ਤ-ਦਰ-ਪੁਸ਼ਤ ਉਸਦੀਆਂ ਨਸਲਾਂ ਪੈਦਾ ਹੁੰਦੀਆਂ ਆਈਆਂ ਹਨ। ਇਸ ਲਈ ਉਹ ਸਾਨੂੰ ਬਹੁਤ ਅਜ਼ੀਜ਼ ਹੈ।”
ਮਹਾਰਾਜਾ ਮੱਥੇ ਦੀਆਂ ਲਕੀਰਾਂ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਰਗੜਦਾ ਹੋਇਆ ਕੁਝ ਸੋਚ ਕੇ ਬੋਲਦਾ ਹੈ, “ਬੇਸ਼ੱਕ ਇਹ ਹਮਲਾ ਲਾਹੌਰ ਸਰਕਾਰ ਦੀ ਤਰਫ਼ੋਂ ਸੀ, ਪਰ ਇਸ ਹਮਲੇ ਵਿੱਚ ਲਾਹੌਰ ਸਰਕਾਰ ਦਾ ਇੱਕ ਵੀ ਸਿਪਾਹੀ ਸ਼ਾਮਲ ਨਹੀਂ ਸੀ। ਇਸ ਲਈ ਸਾਨੂੰ ਉਸ ਘੋੜੀ ਬਾਰੇ ਕੋਈ ਇਲਮ ਨਹੀਂ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ‘ਸਫੈਦ ਪਰੀ’ ਮੁਅਤੱਲਕ ਪਤਾ ਕਰਕੇ ਤੁਹਾਨੂੰ ਖ਼ਬਰ ਕਰ ਦੇਵਾਂਗਾ। ਆਪਣੇ ਸਰਦਾਰ ਨੂੰ ਸਾਡਾ ਪੈਗ਼ਾਮ ਦੇ ਦੇਣਾ ਕਿ ਲਾਹੌਰ ਸਰਕਾਰ ਆਪਣੀ ਗਲਤੀ ਲਈ ਪਸ਼ੇਮਾਨ ਹੈ। ਸਾਨੂੰ ਤੁਹਾਡੇ ਸਰਦਾਰ ਦੇ ਪੁੱਤਰ ਦੀ ਮੌਤ ਦਾ ਨਿਹਾਇਤ ਦੁੱਖ ਹੈ। ਅੱਗੇ ਤੋਂ ਲਾਹੌਰ ਸਰਕਾਰ ਵੱਲੋਂ ਤੁਹਾਨੂੰ ਕੋਈ ਦੁੱਖ ਤਕਲੀਫ਼ ਨਹੀਂ ਪਹੁੰਚਾਈ ਜਾਵੇਗੀ। ਲਾਹੌਰ ਸਰਕਾਰ 50,000 ਸੋਨੇ ਦੀਆਂ ਮੋਹਰਾਂ ਤੁਹਾਡੇ ਹੋਏ ਨੁਕਸਾਨ ਲਈ ਇਵਜ਼ਾਨੇ ਵਜੋਂ ਅਦਾ ਕਰਦੀ ਹੈ ਤੇ ਤੁਹਾਡੇ ਸਰਦਾਰ ਦੇ ਫ਼ਰਜ਼ੰਦ ਦੀ ਪਰਦਾ-ਏ-ਕਬਰ ਲਈ ਸੁਨਿਹਰੀ ਤਿਲੇਦਾਰ ਚਾਦਰ ਭੇਂਟ ਕਰਦੇ ਹਾਂ। ਹੁਣ ਤੁਸੀਂ ਮਹਿਮਾਨਖ਼ਾਨੇ ਵਿੱਚ ਜਾਉ ਤੇ ਅਰਾਮ ਕਰੋ। ਤੁਹਾਡੇ ਲਈ ਭੋਜਨ ਅਤੇ ਸੌਣ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ। ਅੱਜ ਦੀ ਰਾਤ ਕਿਆਮ ਕਰਕੇ ਕੱਲ੍ਹ ਰਵਾਨਾ ਹੋ ਜਾਣਾ।”
ਉਹਨਾਂ ਦੇ ਜਾਣ ਬਾਅਦ ਰਣਜੀਤ ਸਿੰਘ ਜ਼ਬਾਰ ਖਾਨ ਤੋਂ ਘੋੜੀ ਅਤੇ ਗੁਲਬਾਨੋ ਲੈਣ ਲਈ ਖੁਦਾ ਬਖਸ਼, ਲਹਿਣਾ ਸਿੰਘ ਮਜੀਠੀਆ ਅਤੇ ਗਰਬਾ ਸਿੰਘ ਜਰਨੈਲ ਨੂੰ ਭੇਜ ਦਿੰਦਾ ਹੈ।